Romans 12

1ਸੋ ਹੇ ਭਰਾਵੋ, ਮੈਂ ਪਰਮੇਸ਼ੁਰ ਦੀ ਦਯਾ ਯਾਦ ਕਰਾ ਕੇ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਕਿ ਤੁਸੀਂ ਆਪਣਿਆਂ ਸਰੀਰਾਂ ਨੂੰ ਜਿਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਹੋਇਆ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਰੂਹਾਨੀ ਬੰਦਗੀ ਹੈ । 2ਅਤੇ ਇਸ ਸੰਸਾਰ ਦੇ ਰੂਪ ਵਰਗੇ ਨਾ ਬਣੋ, ਸਗੋਂ ਆਪਣੀ ਬੁੱਧ ਦੇ ਨਵੇਂ ਹੋ ਜਾਣ ਦੇ ਕਾਰਨ ਤੁਹਾਡਾ ਚਾਲ-ਚਲਣ ਵੀ ਬਦਲਦਾ ਜਾਵੇ ਤਾਂ ਜੋ ਤੁਸੀਂ ਸਮਝ ਲਵੋ ਕਿ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਾ ਕੀ ਹੈ ।

3ਮੈਂ ਤਾਂ ਉਸ ਕਿਰਪਾ ਤੋਂ ਜਿਹੜੀ ਮੈਨੂੰ ਦਾਨ ਹੋਈ ਤੁਹਾਡੇ ਵਿੱਚੋਂ ਹਰੇਕ ਨੂੰ ਕਹਿੰਦਾ ਹਾਂ, ਕਿ ਕੋਈ ਆਪਣੇ ਆਪ ਨੂੰ ਜਿੰਨਾਂ ਉਸ ਨੂੰ ਚਾਹੀਦਾ ਹੈ, ਉਸ ਨਾਲੋਂ ਵੱਧ ਨਾ ਸਮਝੇ ਪਰ ਜਿਵੇਂ ਪਰਮੇਸ਼ੁਰ ਨੇ ਮਿਣ ਕੇ ਹਰੇਕ ਨੂੰ ਵਿਸ਼ਵਾਸ ਵੰਡ ਦਿੱਤਾ ਹੈ, ਉਵੇਂ ਹੀ ਸੁਰਤ ਨਾਲ ਸਮਝੇ ।

4ਜਿਵੇਂ ਇੱਕ ਸਰੀਰ ਵਿੱਚ ਬਹੁਤ ਸਾਰੇ ਅੰਗ ਹੁੰਦੇ ਹਨ, ਪਰ ਸਾਰਿਆਂ ਅੰਗਾਂ ਦਾ ਇੱਕੋ ਹੀ ਕੰਮ ਨਹੀਂ । 5ਉਸੇ ਤਰ੍ਹਾਂ ਅਸੀਂ ਵੀ ਜੋ ਬਹੁਤ ਸਾਰੇ ਹਾਂ ਮਸੀਹ ਵਿੱਚ ਮਿਲ ਕੇ ਇੱਕ ਸਰੀਰ ਹਾਂ ਅਤੇ ਇੱਕ ਦੂਜੇ ਦੇ ਅੰਗ ਹਾਂ ।

6ਸੋ ਸਾਨੂੰ ਉਸ ਕਿਰਪਾ ਦੇ ਅਨੁਸਾਰ ਜੋ ਸਾਨੂੰ ਦਾਨ ਹੋਈ ਵੱਖੋ-ਵੱਖ ਵਰਦਾਨ ਮਿਲੇ ਹਨ । ਫੇਰ ਜੇ ਕਿਸੇ ਨੂੰ ਭਵਿੱਖਬਾਣੀ ਦਾ ਵਰਦਾਨ ਮਿਲਿਆ ਹੋਵੇ ਤਾਂ ਉਹ ਆਪਣੇ ਵਿਸ਼ਵਾਸ ਦੇ ਅਨੁਸਾਰ ਭਵਿੱਖਬਾਣੀ ਕਰੇ । 7ਅਤੇ ਜੇ ਸੇਵਾ ਕਰਨ ਦਾ ਦਾਨ ਮਿਲਿਆ ਹੋਵੇ ਤਾਂ ਉਹ ਸੇਵਾ ਕਰਨ ਵਿੱਚ ਲੱਗਿਆ ਰਹੇ, ਜੇ ਸਿਖਾਉਣ ਵਾਲਾ ਹੋਵੇ ਤਾਂ ਸਿਖਾਉਣ ਦੇ ਕੰਮ ਵਿੱਚ ਲੱਗਿਆ ਰਹੇ । 8ਜੇ ਉਪਦੇਸ਼ਕ ਹੋਵੇ ਤਾਂ ਉਪਦੇਸ਼ ਕਰਨ ਵਿੱਚ ਲੱਗਿਆ ਰਹੇ, ਦਾਨ ਦੇਣ ਵਾਲਾ ਖੁੱਲ੍ਹੇ ਦਿਲ ਨਾਲ ਦੇਵੇ, ਅਗਵਾਈ ਕਰਨ ਵਾਲਾ ਉਤਸ਼ਾਹ ਨਾਲ ਅਗਵਾਈ ਕਰੇ, ਦਯਾ ਕਰਨ ਵਾਲਾ ਖੁਸ਼ੀ ਨਾਲ ਦਯਾ ਕਰੇ,

9ਪਿਆਰ ਨਿਸ਼ਕਪਟ ਹੋਵੇ, ਬੁਰਿਆਈ ਤੋਂ ਨਫ਼ਰਤ ਕਰੋ, ਭਲਿਆਈ ਕਰਨ ਵਿੱਚ ਲੱਗੇ ਰਹੋ । 10ਭਾਈਚਾਰੇ ਦੇ ਪਿਆਰ ਨਾਲ ਇੱਕ ਦੂਜੇ ਨਾਲ ਗੂੜ੍ਹਾ ਪਿਆਰ ਰੱਖੋ, ਆਦਰ ਵਿੱਚ ਦੂਜੇ ਨੂੰ ਚੰਗਾ ਸਮਝੋ ।

11ਮਿਹਨਤ ਕਰਨ ਵਿੱਚ ਢਿੱਲੇ ਨਾ ਹੋਵੋ, ਆਤਮਾ ਵਿੱਚ ਸਰਗਰਮ ਰਹੋ, ਪ੍ਰਭੂ ਦੀ ਸੇਵਾ ਕਰਿਆ ਕਰੋ । 12ਆਸ ਵਿੱਚ ਅਨੰਦ ਅਤੇ ਬਿਪਤਾ ਵਿੱਚ ਧੀਰਜ ਕਰੋ, ਪ੍ਰਾਰਥਨਾ ਲਗਾਤਾਰ ਕਰਦੇ ਰਹੋ । 13ਸੰਤਾਂ ਦੀਆਂ ਲੋੜਾਂ ਦੇ ਸਾਂਝੀ ਬਣੋ, ਪਰਾਹੁਣਚਾਰੀ ਕਰਨ ਵਿੱਚ ਲੱਗੇ ਰਹੋ ।

14ਆਪਣੇ ਸਤਾਉਣ ਵਾਲਿਆ ਨੂੰ ਬਰਕਤ ਦਿਉ, ਅਸੀਸ ਦਿਉ, ਸਰਾਪ ਨਾ ਦਿਉ ! 15ਅਨੰਦ ਕਰਨ ਵਾਲਿਆਂ ਦੇ ਨਾਲ ਅਨੰਦ ਕਰੋ, ਰੋਣ ਵਾਲਿਆਂ ਦੇ ਨਾਲ ਰੋਵੋ । 16ਆਪਸ ਵਿੱਚ ਇੱਕ ਮਨ ਹੋਵੋ, ਉੱਚੀਆਂ ਗੱਲਾਂ ਉੱਤੇ ਮਨ ਨਾ ਲਾਉ ਪਰ ਨੀਵੀਆਂ ਨਾਲ ਮਿਲੇ ਰਹੋ, ਆਪਣੀ ਜਾਚ ਵਿੱਚ ਸਿਆਣੇ ਨਾ ਬਣ ਬੈਠੋ ।

17ਬੁਰਿਆਈ ਦੇ ਬਦਲੇ ਕਿਸੇ ਨਾਲ ਬੁਰਿਆਈ ਨਾ ਕਰੋ । ਜਿਹੜੀਆਂ ਗੱਲਾਂ ਸਾਰੇ ਮਨੁੱਖਾਂ ਦੇ ਭਾਣੇ ਚੰਗੀਆਂ ਹਨ ਉਹਨਾਂ ਤੇ ਧਿਆਨ ਰੱਖੋ । 18ਜੇ ਹੋ ਸਕੇ ਤਾਂ ਆਪਣੀ ਵਾਹ ਲੱਗਦਿਆਂ ਸਾਰਿਆਂ ਮਨੁੱਖਾਂ ਦੇ ਨਾਲ ਮੇਲ ਰੱਖੋ ।

19ਹੇ ਪਿਆਰਿਓ, ਆਪਣਾ ਬਦਲਾ ਨਾ ਲਵੋ, ਪਰ ਕ੍ਰੋਧ ਨੂੰ ਜਾਣ ਦਿਉ ਕਿਉਂ ਜੋ ਲਿਖਿਆ ਹੋਇਆ ਹੈ, ਕਿ ਪਰਮੇਸ਼ੁਰ ਕਹਿੰਦਾ ਹੈ, ਜੋ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਟਾ ਲਾਹਵਾਂਗਾ । 20ਪਰ ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਹ ਨੂੰ ਖਿਲਾਓ, ਜੇ ਪਿਆਸਾ ਹੋਵੇ ਤਾਂ ਉਹ ਨੂੰ ਪਾਣੀ ਪਿਆ ਕਿਉਂ ਜੋ ਇਹ ਕਰਕੇ ਤੂੰ ਉਹ ਦੇ ਸਿਰ ਉੱਤੇ ਅੱਗ ਦੇ ਅੰਗਿਆਰਾਂ ਦਾ ਢੇਰ ਲਾਵੇਂਗਾ । ਬੁਰਿਆਈ ਤੋਂ ਨਾ ਹਾਰ ਸਗੋਂ ਭਲਿਆਈ ਨਾਲ ਬੁਰਿਆਈ ਨੂੰ ਜਿੱਤ ਲੈ ।

21

Copyright information for PanULB